ਬਾਬਾ ਬੰਦਾ ਸਿੰਘ ਬਹਾਦਰ ਅਤੇ ਸਾਰੇ ਸਿੰਘ 1716 ਈਸਵੀ ਵਿਚ ਦਿੱਲੀ ਵਿਖੇ ਸ਼ਹੀਦ ਹੋਏ। ਉਨ੍ਹਾਂ ਤੋਂ ਬਾਅਦ ਸਾਰੇ
ਸਿੰਘਾਂ ਨੇ ਨਾਅਰਾ ਲਾਇਆ ਕਿ 'ਮੇਰਾ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ
ਜਾਵੇ।' ਜੰਡਿਆਲੇ ਦਾ ਰਹਿਣ ਵਾਲਾ ਹਰਭਗਤ ਨਿਰੰਜਣੀਆਂ ਜਿਸ ਨੇ ਭਾਈ ਤਾਰੂ ਸਿੰਘ ਦੇ
ਵਿਰੁੱਧ ਚੁਗਲੀ ਕੀਤੀ। ਸਿੱਖਾਂ ਦਾ ਵੈਰੀ ਖਾਨ ਬਹਾਦਰ ਨਾਜ਼ਮ ਜ਼ਕਰੀਆ ਖਾਨ ਲਾਹੌਰ ਗੁੱਸੇ
ਵਿਚ ਭੜਕ ਉੱਠੇ। ਉਸ ਨੇ ਨਾਇਬ ਖਾਨ ਨੂੰ ਫੌਜ ਦੇ ਕੇ ਪੂਹਲੇ ਪਿੰਡ ਨੂੰ ਰਵਾਨਾ ਕੀਤਾ।
ਪੂਹਲੇ ਪਿੰਡ ਵਿਚ ਭਾਈ ਤਾਰੂ ਸਿੰਘ ਨੂੰ ਗ੍ਰਿਫ਼ਤਾਰ ਕਰਵਾਇਆ, ਪੈਰਾਂ ਵਿਚ ਜ਼ੰਜੀਰਾਂ,
ਹੱਥਾਂ ਵਿਚ ਹੱਥਕੜੀਆਂ, ਸਿੰਘ ਸਾਹਿਬ ਨੂੰ ਸੱਥ ਵਿਚ ਬਿਠਾਇਆ ਹੋਇਆ ਸੀ। ਬਿਰਧ ਮਾਤਾ ਨੂੰ
ਖ਼ਬਰਾਂ ਪੁੱਜੀਆਂ ਕਿ ਚੱਲ ਕੇ ਪੁੱਤਰ ਦੇ ਦਰਸ਼ਨ ਕਰ ਲਓ ਅਤੇ ਛੋਟੀ ਭੈਣ ਨੂੰ ਸੁਨੇਹਾ
ਗਿਆ ਕਿ ਤੇਰੇ ਦਿਲ ਵਿਚ ਸਧਰਾਂ ਅਤੇ ਜੀਅ ਵਿਚ ਚਾਅ ਸਨ ਕਿ ਘੋੜੀ ਚੜ੍ਹਦੇ ਵੀਰ ਦੀ ਬਾਂਗ
ਗੁੰਦਾਂਗੀ, ਚੱਲ ਭਰਾ ਦੇ ਅੰਤਿਮ ਸ਼ਗਨ ਮਨਾ ਲੈ। ਭੈਣ ਅਤੇ ਮਾਂ ਵੀ ਕੋਲ ਆ ਗਈਆਂ। ਮਾਂ
ਦੇ ਦਿਲ ਵਿਚ ਕੋਈ ਅਥਾਹ ਬਲਬਲਾ ਸੀ, ਉਹ ਛਾਤੀ ਪਾੜ ਕੇ ਪੁੱਤਰ ਦੇ ਸਾਹਮਣੇ ਧਰ ਦੇਣਾ
ਚਾਹੁੰਦੀ ਸੀ। ਉਹ ਕਹਿਣ ਲੱਗੀ ਕਿ 'ਮੇਰੇ ਲਾਲ ਤਾਰੂ ਸਿੰਘ ਕੀ ਉਹ ਸਮਾਂ ਆ ਗਿਆ ਹੈ, ਜਿਸ
ਵਾਸਤੇ ਮੈਂ ਤੈਨੂੰ ਪੱਚੀ ਸਾਲ ਤਿਆਰ ਕਰਦੀ ਰਹੀ ਹਾਂ। ਕੱਲ ਨੂੰ ਮੇਰੀ ਗੋਦ ਵਿਚ ਬੈਠ ਕੇ
ਮਾਂ ਆਖਣ ਵਾਲਾ ਬੇਸ਼ੱਕ ਕੋਈ ਨਾ ਹੋਵੇ ਪਰ ਇਹ ਨਾ ਸੁਣਨਾ ਪਏ ਕਿ ਤਾਰੂ ਸਿੰਘ ਅਣਖ਼ ਨੂੰ
ਵੱਟਾ ਲਾ ਗਿਆ ਹੈ। ਜੇ ਇਕ ਮਾਂ ਦੀ ਗੋਦ ਸੁੰਨੀ ਹੋ ਕੇ ਹਜ਼ਾਰਾਂ ਗੁਲਾਮਾਂ ਦਾ ਭਲਾ ਹੋ
ਸਕੇ ਤਾਂ ਇਹ ਸੌਦਾ ਮਹਿੰਗਾ ਨਹੀਂ।' ਭਾਈ ਤਾਰੂ ਸਿੰਘ ਨੇ ਜ਼ਕਰੀਆਂ ਖਾਨ ਦੀ ਕਚਹਿਰੀ ਵਿਚ
ਫ਼ਤਹਿ ਬੁਲਾਈ। ਦੀਵਾਨ ਨੇ ਕਿਹਾ ਕਿ ਇਹ ਅਨੰਦਪੁਰ ਨਹੀਂ, ਇਹ ਸ੍ਰੀ ਹਰਮਿੰਦਰ ਸਾਹਿਬ
ਨਹੀਂ, ਜਿਥੇ ਤੇਰੀ ਫ਼ਤਹਿ ਪ੍ਰਵਾਨ ਹੋਵੇਗੀ, ਸਲਾਮ ਕਰ ਜੇ ਜ਼ਿੰਦਗੀ ਚਾਹੁੰਦਾ ਹੈਂ,
ਨਹੀਂ ਤਾਂ ਮੌਤ ਦੇ ਘਾਟ ਉਤਾਰ ਦਿੱਤਾ ਜਾਵੇਗਾ। ਤਾਰੂ ਸਿੰਘ ਨੇ ਉੱਤਰ ਦਿੱਤਾ ਕਿ ਮਿਟਾ
ਦੇ ਅਪਨੀ ਹਸਤੀ ਕੋ, ਅਗਰ ਮਰਤਬਾ ਚਾਹੇ, ਕਿ ਦਾਨਾ ਖ਼ਾਕ ਮੇ ਮਿਲ ਕਰ ਗੁਲੇ ਗੁਲਜ਼ਾਰ
ਹੋਤਾ ਹੈ। ਭਾਈ ਤਾਰੂ ਸਿੰਘ ਨੂੰ ਜਦੋਂ ਕਾਜੀ ਨੇ ਕਿਹਾ ਕਿ ਜੇ ਤੂੰ ਕੇਸ ਨਹੀਂ ਕਟਾਏਗਾ
ਤਾਂ ਮਾਰ ਦਿੱਤਾ ਜਾਵੇਗਾ ਤਾਂ ਭਾਈ ਸਾਹਿਬ ਨੇ ਇਕ ਸਵਾਲ ਪੁੱਛਿਆ, 'ਕਾਜੀ ਸਾਹਿਬ ਜੇ ਕੇਸ
ਕਟਵਾ ਲਵਾਂ ਤਾਂ ਕੀ ਆਪ ਮੌਤ ਤੋਂ ਬਚਾ ਲਵੋਗੇ?' ਕਾਜੀ ਕੋਲ ਕੋਈ ਜਵਾਬ ਨਹੀਂ ਸੀ। ਭਾਈ
ਸਾਹਿਬ ਨੇ ਖੋਪਰੀ ਤਾਂ ਲੁਹਾ ਲਈ ਪਰ ਕੇਸ ਨਾ ਕਟਵਾਏ, ਸਿੱਖ ਦੀ ਸਿੱਖੀ ਕੇਸਾਂ ਸਵਾਂਸਾ
ਸੰਗ ਨਿਭਣ ਦੀ ਅਰਦਾਸ ਪੂਰੀ ਹੋ ਗਈ।