ਸਾਰਾ ਪਿੰਡ ਕੱਠਾ ਹੋ ਗਿਆ, ਕਹਿੰਦੇ ਭਗਤ ਸੂੰ ਦਾ ਜਨਮ ਦਿਹਾੜਾ ਮਨਾਉਣਾ , ਤਿਆਰੀਆਂ
ਹੋਣ ਲੱਗੀਆਂ , ਨੌਜਵਾਨਾਂ ਚ ਬਾਹਲਾ ਈ ਜੋਸ਼ ਸੀ ਕਈ ਰੋਡੇ ਭੋਡੇ ਜਿਹਨੀ ਆਪਦੀਆਂ ਟਿੰਡਾਂ
ਤੇ ਕਦੇ ਡੱਬੀਆਂ ਆਲਾ ਪਰਨਾ ਨੀ ਬੰਨਿਆਂ ਸੀ ਉਹ ਬਸੰਤੀ ਪੱਗਾਂ ਸਜਾ ਕੇ ਜੈੰਕੀ ਬਣੇ
ਘੁਮਣ, ਜਿਮੇ ਭਗਤ ਸਿੰਘ ਦੀ ਰੂਹ ਉਹਨਾ ਵਿਚ ਵੜ ਗੀ ਹੋਵੇ , ਪਿੰਡ ਦੇ ਜੁਆਕ ਵੀ
ਡਿਸ਼ਕਿਉਂ ਡਿਸ਼ਕਿਉਂ ਕਰਦੇ ਦੌੜੇ ਫਿਰਨ, ਬਹੁਤੇ ਜਵਾਕਾਂ ਨੂੰ ਭਗਤ ਸਿੰਘ ਆਲੀ ਫਿਲਮ ਦੇਖ
ਕੇ ਸਾਂਡਰਸ ਆਲਾ ਸੀਨ ਚੇਤੇ ਸੀ ਕਹਿੰਦੇ
ਕਿ ਡ੍ਰਾਮਾ...ਖੇਡਣਾ ਜਿਹੜਾ ਕਿਹੜਾ ਭਗਤ
ਸਿੰਘ ਤੇ ਚੰਦਰਸ਼ੇਖਰ ਬਣਨ ਨੂੰ ਆਪੋ ਚ ਫਸੇ , ਲਾਲੇ ਲਾਜਪਤ ਆਲਾ ਰੋਲ ਕੋਈ ਵੀ ਲੈਣ ਨੂੰ
ਤਿਆਰ ਨਹੀਂ ਸੀ , ਮਹਿੰਦਰ ਸਿੰਘ ਸਰਪੰਚ ਨੂੰ ਜੁਆਕਾਂ ਦੀ ਢਾਣੀ ਕਲੋਲਾਂ ਕੱਸੇ ਕੇ ਤੂੰ
ਬਣਜਾ ਤਾਇਆ ਲਾਲਾ ਲਾਜਪਤ , ਅਸੀਂ ਤਾ ਨੀ ਬਣਦੇ !
ਜੀ
ਓਏ ਕੰਜਰੋ ! ਕਿਉਂ ਨੀ ਜੇ ਬਣਦੇ , ਲਾਲਾ ਜੀ ਆਪਣੇ ਸ਼ਹੀਦ ਆ ਨਾਲੇ ਪੰਜਾਬ ਕੇਸਰੀ ਆ ... ਮਹਿੰਦਰ ਜੁਆਕਾਂ ਨੂ ਸਮਝਾਉਣ ਦਾ ਜਤਨ ਕਰਨ ਲੱਗਾ
ਲੰਬੜਾਂ ਦਾ ਬੱਬੂ ਕਹਿੰਦਾ , ਤਾਇਆ ਤੂੰ ਸਾਲਾ ਲਗਦਾ ਵੱਡੇ ਸ਼ਹੀਦ ਦਾ , ਜਾ ਕੇ ਜੂ
ਟਿਊਬ ਤੇ ਦੇਖ ਕਿਮੇ ਜਾਖਣਾ ਪੱਟੀ ਆ ਤੇਰੇ ਪੰਜਾਬ ਕੇਸਰੀ ਦੀ ਖੰਟ ਆਲੇ ਵੈਲੀ ਨੇ, ਤੁਸੀਂ
ਐਮੇ ਲਾ ਲਾ ਕੀਤੀ ਆ ਕਿੱਡਾ ਕ ਸਾਊ ਸੀ ਜਿਹੜਾ ਗਦਰ ਪਾਰਟੀ ਦਾ ਫੰਡ ਨੱਪ ਗਿਆ , ਨਾਲੇ
ਓਹ ਕੋਈ ਡਾਂਗਾ ਡੂੰਗਾ ਨਾ ਨੀ ਮਰਿਆ ਸੀ ਖੰਟ ਆਲਾ ਕਹਿੰਦਾ ਹਾਰਟ ਟੈਕ ਨਾਲ ਮਰਿਆ ਸੀ ,
ਪ੍ਲੂਰਸੀ ਦਾ ਮਰੀਜ ਸੀ ਓਹ !
ਮਿੰਦੋ ਪੰਚਣੀ ਗੌਹ ਨਾਲ ਨਿਆਣਿਆ ਦੀ ਗ਼ਲ ਸੁਣ ਕੇ
ਮਹਿੰਦਰ ਨੂੰ ਕਹਿੰਦੀ , ਵੇ ਸਰਪੰਚਾ ਆਹ ਜੂ ਟਿਊਬ ਕਿਹੜੀ ਟਿਊਬ ਆ ਗੀ ਜਿਹਨੇ ਲਾਲੇ ਦੀ
ਸ਼ਹੀਦੀ ਪੈਂਚਰ ਕੀਤੀ ਆ !!!
ਸਾਰੇ ਪਾਸੇ ਹਾਸਾ ਗੂੰਜ ਉਠਿਆ......
ਮਹਿੰਦਰ
ਸੂੰ ਕਾਲਿਆਂ ਦੇ ਮੀਤੇ ਨੂੰ ਕਹਿੰਦਾ ਪਰਧਾਨ ਆਹ ਜੁਆਕਾਂ ਨੇ ਆਪਣੀ ਬੇਜਤੀ ਕਰਾਉਣੀ ਆ ਮੰਨ
ਜਾ ਨਾ ਮੰਨ , ਇਕ ਤਾ ਆਹ ਸਾਲਾ ਇੰਟਰਨੇਟ ਦਾ ਸਿਆਪਾ ਕਿਹਨੇ ਕਢਿਆ , ਜੁਆਕ ਸਾਲੇ ਬਾਹਲੇ
ਈ ਸਿਆਣੇ ਹੋ ਗਏ ਆ ? ਇਹਨਾ ਜੁਆਕਾਂ ਨੂੰ ਕੀ ਪਤਾ, ਆਪਾਂ ਲਾਲੇ ਦਾ ਨਾਉਂ ਲੈ ਕੇ ਤਾਂ
ਜਲਸੇ ਦੀ ਗ੍ਰਾੰਟ ਲਈ ਆ, ਆਹ ਭਗਤ ਸਿੰਘ ਹੁਰੀਂ ਤਾ ਕਮਲਿਆ ਫੁੱਲਾਂ ਜੋਗੇ ਰਹਿ ਗਏ ਆ,
ਲਾਲਿਆਂ ਦਾ ਰਾਜ ਆ ਸੇਂਟਰ ਚ ਤੇ ਸ਼ਹੀਦ ਵੀ ਲਾਲਿਆਂ ਦੇ ਈ ਪੂਜੇ ਜਾਣਗੇ , ਮਹਿੰਦਰ ਪਰਨਾ
ਸੰਭਾਲਦਾ ਜੁਆਕਾਂ ਦੀ ਕੁਤੀੜ ਨੂੰ ਗਾਲਾਂ ਕੱਢਦਾ, ਤੁਰ ਪਿਆ ।
ਲਉ ਜੀ ਜਲਸੇ ਦਾ
ਦਿਨ ਆ ਗਿਆ , ਸਾਰਾ ਪਿੰਡ ਨਮੀ ਵਿਆਹੀ ਵਹੁਟੀ ਮਾਂਗੂ ਸਾਜਿਆ ਪਿਆ ਸੀ , ਸੋਹਣ ਸਾਉਂਡ
ਆਲੇ ਨੇ ਆਪਣੇ ਵੱਡੇ ਵੱਡੇ ਤੋਪਾਂ ਅਰਗੇ ਸਪੀਕਰ ਬਾਂਸਾ ਨਾਲ ਬੰਨ ਬੰਨ ਕੇ ਟੰਗ ਦਿੱਤੇ ਸੀ
, ਥੋੜੀ ਦੇਰ ਪਿਛੋਂ ਪ੍ਰੋਗ੍ਰਾਮ ਸ਼ੁਰੂ ਹੋ ਗਿਆ , ਨੋਜਵਾਨ ਮੁੰਡੇ ਕੁੜੀਆਂ ਨੇ ਗਿਧੇ
ਭੰਗੜੇ ਨਾਲ ਰੰਗ ਬੰਨ ਦਿੱਤਾ ਸੀ ਜਾਂ ਘੂੰ ਘੂੰ ਕਰਦੀ ਮੰਤਰੀ ਸਾਬ ਦੀ
ਬਰਾਤ ਆ ਧਮਕੀ
, ਮਹਿੰਦਰ ਸੂੰ ਨੇ ਮੰਤਰੀ ਨੂੰ ਖਾਸ ਸੱਦਾ ਦਿੱਤਾ ਸੀ ਤਾ ਕਿ ਹਲਕੇ ਚ ਆਪਣਾ ਰਸੂਖ ਦਿਖਾ
ਸਕੇ, ਮੰਤਰੀ ਭਗਤ ਸਿੰਘ ਦੀ ਪੱਗ ਆਲੀ ਫੋਟੋ ਦੇਖ ਕੇ ਥੋੜਾ ਜਿਹਾ ਚਿੜ ਗਿਆ ਪਰ ਫੇਰ
ਮੌਕੇ ਨਬਜ਼ ਪਛਾਣ ਕੇ ਉਹਨੇ ਫੁਲ ਭਗਤ ਸਿੰਘ ਦੀ ਫੋਟੋ ਤੇ ਪਾਏ ਤੇ ਫੇਰ ਸਟੇਜ ਤੇ ਜਾ ਕੇ
ਬੈਠ ਗਿਆ , ਦੋ ਚਾਰ ਪਤਵੰਤਿਆਂ ਨੇ ਆਪਣੇ ਭਾਸ਼ਨ ਕੀਤੇ ਤੇ ਸ਼ਹੀਦਾ ਨੂੰ ਸ਼ਰਧਾ ਦੇ ਫੁੱਲ
ਭੇਂਟ ਕੀਤੇ , ਟੀਟਾ ਅਮਲੀ ਮਖਣਿਆ ਦੇ ਭਿੰਦਰ ਨੂੰ ਕਹਿੰਦਾ ਆਹੋ ਇਹ ਵਿਚਾਰੇ ਤਾ ਹੁਣ
ਫੁੱਲਾਂ ਜੋਗੇ ਈ ਆ , ਪਰ ਕਾਟੋ ਤਾਂ ਗਾਂਧੀ ਦੀ ਫੁੱਲਾਂ ਤੇ ਆ, ਭਿੰਦਰ ਕਹਿੰਦਾ ਓਹ ਕਿਮੇ
ਅਮਲੀਆ ? ਐਮੇ ਜੱਕੜ ਕੁੱਟੀ ਜਾਨਾ, ਟੀਟਾ ਕਹਿੰਦਾ ਮੈਂ ਪਿਛਲੇ ਹਫਤੇ ਫੇਸਬੂਕ ਤੇ ਪੜਿਆ
ਪਰਧਾਨ ਆਹ ਜਿਹੜਾ ਬਕਰੀ ਆਲਾ ਸੀ ਨਾ ਇਹ ਆਪਣਾ ਕੀ ਕਹਿੰਦੇ ਆ ਓਹ ਲੰਬੂ ਦਾ ਮੁੰਡਾ ਜਿਹੜਾ
ਦੋਸਤਾਨਾ ਚ ਬਣਿਆ ਸੀ ??? .... ਆਹੋ 'ਗੇ' ਜਾਨੀ ਕੇ ਜਨਾਨਾ ਸੀ, ਤੇ ਸਰਕਾਰ ਨੇ ਆਹ
ਰਾਜ਼ ਲੁਕੋਣ ਲਈ ਕਰੋੜ ਰੁਪਈਏ ਖਰਚੇ ਆ , ਭਿੰਦਰ ਦਾ ਮੂੰਹ ਅੱਡਿਆ ਰਹਿ ਗਿਆ ਤੇ ਉਹਦਾ
ਦਿਲ ਕੀਤਾ ਕੇ ਓਹ ਬੋਝੇ ਚ ਪਿਆ ਪੰਜਾਹਾ ਦਾ ਨੋਟ ਸੱਟ ਦਵੇ, ਪਰ ਤਿਰਕਾਲਾਂ ਦੇ ਪਉਏ ਦੇ
ਇੰਤੇਜ਼ਾਮ ਖਿਆਲ ਨੇ ਉਹਨੂੰ ਨ ਰੋਕ ਲਿਆ !!!!!!
ਇੰਨੇ ਨੂੰ ਜੁਆਕਾਂ ਦੀ ਖਤਰਨਾਕ
ਐਂਟਰੀ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿਚ ਲਿਆ ਸੀ , ਜੁਆਕ ਮੰਤਰੀ ਦੇ ਮੂਹਰੇ ਹੋ ਹੋ
ਕੇ ਨਾਰੇ ਲੱਗਾ ਰਹੇ ਸਨ "ਸਾਈਮਨ ਕਮਿਸ਼ਨ ਦਫ਼ਾ ਹੋ " "ਸਾਈਮਨ ਕਮਿਸ਼ਨ ਦਫ਼ਾ ਹੋ "
ਮਹਿੰਦਰ ਸਰਪੰਚ ਨੂੰ ਜੁਆਕਾਂ ਤੇ ਗੁੱਸਾ ਆ ਰਿਹਾ ਸੀ ਪਰ ਉਹ ਮਨ ਮਾਰ ਕੇ ਖਚਰਾ ਜਿਹਾ
ਬਣਿਆ ਬੈਠਾ ਸੀ , ਨਿਆਣਿਆ ਨੇ ਰੰਗ ਬੰਨ ਦਿੱਤਾ ਜਦੋਂ ਭਗਤ ਸਿੰਘ ਦੀ ਫਾਂਸੀ ਦਾ ਸੀਨ ਆਇਆ
ਤਾਂ ਸਾਰੀ ਮੰਡਲੀ ਭਗਤ ਸਿੰਘ , ਰਾਜਗੁਰੂ ਤੇ ਸੁਖਦੇਵ ਦੇ ਮਗਰ ਮਗਰ ਸਟੇਜ ਤੋਂ ਉਤਰੀ
ਜਿਮੇ ਓਹ ਸਾਰੇ ਫਾਂਸੀ ਦੀ ਸੇਜ ਤੇ ਭਗਤ ਸਿੰਘ ਦੇ ਨਾਲ ਜਾ ਰਹੇ ਹੋਣ , ਜੁਆਕਾਂ ਨੇ
ਚੰਗਿਆ ਚੰਗਿਆ ਦੀਆਂ ਧਾਹਾਂ ਕਢਵਾ ਦਿੱਤੀਆਂ ਤੇ ਓਹ ਗਾਉਂਦੇ ਹੋਏ ਤੁਰੇ ਜਾ ਰਹੇ ਸਨ "
ਮੇਰਾ ਰੰਗ ਦੇ ਬਸੰਤੀ ਚੋਲਾ ਮੇਰਾ ਰੰਗ ਦੇ "
ਹੁਣ ਸੇਕਟਰੀ ਨੇ ਮੰਤਰੀ ਸਾਬ ਨੂ ਬੇਨਤੀ ਕੀਤੀ ਕੇ ਓਹ ਆਪਣੇ ਵੀਚਾਰ ਰੱਖਣ
ਮੰਤਰੀ ਜੀ ਨੇ ਆਪਣੇ ਰਿਵਾਇਤੀ ਡਰਾਮੇ ਨਾਲ ਸ਼ੁਰੁਆਤ ਕਰਦਿਆਂ ਇਨਕਲਾਬ ਦੇ ਨਾਰੇ ਲਗਾਏ ਤੇ ਫੇਰ ਆਪਣੀ ਸਿਆਸਤ ਘੋਟਨੀ ਸ਼ੁਰੂ ਕਰ ਦਿੱਤੀ ,
ਜਾਂ ਮੰਤਰੀ ਜੀ ਨੂ ਜੁਆਕਾਂ ਦਾ ਚੇਤਾ ਆਇਆ ਤਾ ਉਹਨਾ ਕਿਹਾ " ਬਚਿਆਂ ਨੇ ਬਹੁਤ ਖੂਬਸੂਰਤ
ਢੰਗ ਨਾਲ ਸ਼ਹੀਦਾ ਨੂੰ ਸ਼ਰਧਾਂਜਲੀ ਦਿੱਤੀ ਹੈ ਪਰ ਮੈਨੂੰ ਲਾਲਾ ਜੀ ਦੀ ਕਮੀ ਰੜਕੀ ਹੈ ,
ਆਪ ਮਹਾਨ ਸ਼ਹੀਦ ਸਨ , ਪੰਜਾਬ ਕੇਸਰੀ ਜਿੰਦਾਬਾਦ , ਪੰਜਾਬ ਕੇਸਰੀ ਜਿੰਦਾਬਾਦ,
ਲਗਦਾ ਕਿਸੇ ਸਿਆਣੇ ਨੇ ਬਚਿਆਂ ਨੂੰ ਯੋਗ ਅਗਵਾਈ ਨਹੀ ਦਿੱਤੀ ਤਾਂ ਹੀ ਝਾਕੀ ਵਿਚੋ ਲਾਲਾ
ਜੀ ਨਜ਼ਰ ਨਹੀ ਆਏ ,ਤਰੀਫਾ ਦੇ ਪੁਲ ਬੰਨ ਕੇ ਮੰਤਰੀ ਜੀ ਨੂੰ ਭਗਤ ਸਿੰਘ ਚੇਤੇ ਆ ਗਿਆ ,
ਤੇ ਕਹਿਣ ਲੱਗਾ , ਐ ਪੰਜਾਬ ਦੀ ਪਵਿਤਰ ਮਾਤ ਭੂਮੀ , ਤੇਰੇ ਵਿਚੋਂ ਸਦਾ ਹੀ ਭਗਤ ਸਿੰਘ
ਜਨਮ ਲੈਂਦੇ ਰਹਿਣ ਤੇ ਦੇਸ਼ ਦੀ ਸੇਵਾ ਕਰਦੇ ਰਹਿਣ , ਰੱਬ ਕਰੇ ਪੰਜਾਬ ਦੇ ਹਰ ਘਰ ਭਗਤ
ਸਿੰਘ ਪੈਦਾ ਹੋਵੇ ,
ਇੰਨੇ ਨੂੰ ਸਰਰਰਰਰਰਰਰ ਕਰਦੀ ਇਕ ਜੁੱਤੀ ਮੰਤਰੀ ਦੀ ਪੁੜ
ਪੁੜੀ ਤੇ ਜਾ ਪਈ , ਸਾਰਾ ਪੰਡਾਲ ਸੁੰਨ ਹੋ ਗਿਆ , ਮੰਤਰੀ ਤੇ ਤਾ ਜਿਵੇਂ ਪਰਮਾਣੂ ਬੰਬ
ਡਿਗ ਪਿਆ ਹੋਵੇ
75 ਸਾਲਾਂ ਦਾ ਤਾਇਆ ਉਜਾਗਰ ਸਿੰਘ ਗਰਜ਼ ਕੇ ਬੋਲਿਆ , ਮੇਰੇ ਭਗਤੇ
ਦਾ ਪਵਿਤਰ ਨਾਉਂ ਆਪਦੀ ਜਬਾਨ ਤੇ ਨਾ ਲਿਆ ਓਏ ਬੁਚੜਾ, ਓਏ ਇਸ ਧਰਤੀ ਨੇ ਤਾ ਲਖਾਂ ਭਗਤ
ਸਿੰਘ ਜੰਮੇ ਸੀ ਜਿਹਨਾ ਨੂੰ ਤੇਰੇ ਅਰਗੇ ਕਸਾਈਆਂ ਨੇ ਕੋਹ ਕੋਹ ਕੇ ਨਹਿਰਾਂ ਚ ਅਣਪਛਾਣੀਆ
ਲਾਸ਼ਾਂ ਬਣਾ ਕੇ ਰੋੜ ਦਿੱਤਾ, ਹਾਏ ਓਏ ਢਾਹਡੇ ਮਾਲਕਾ , ਹੁਣ ਆਹ ਕਸਾਈ ਭਗਤ ਸਿੰਘ ਨੂੰ
ਸਦ ਦੇ ਆ ਮੁੜਕੇ , ਓਏ ਉਹਨੂੰ ਵੀ ਨਹਿਰ ਚ ਰੋੜਨਾ ਆ ਕਿ ਪੁਲ ਤੇ ਮੁਕਾਬਲਾ ਬਣਾਉਣਾ ਉਹਦਾ
?
ਕਿਸੇ ਨੂੰ ਕੁਛ ਸਮਝ ਨਹੀ ਆ ਰਿਹਾ ਸੀ , ਪਰ ਤਾਇਆ ਦੁਹਾਥੜਾ ਮਾਰ ਮਾਰ ਕੇ ਰੋਈ
ਜਾ ਰਿਹਾ ਸੀ ਨਾਲੇ ਆਪਣੇ ਮਰੇ ਪੋਤਰੇ ਕਿੰਦਰ ਦਾ ਨਾਉ ਉਚੀ ਉਚੀ ਲਈ ਰਿਹਾ ਸੀ ,
ਓਏ ਤੂੰ ਓਹੀ ਆ ਨਾ ਵੱਡਾ ਥਾਣੇਦਾਰ ਹਰਮੇਸ਼ ਚੰਦ ਜਿਹਨੇ ਇਸ ਪਿੰਡ ਦੇ ਈ ਸੱਤ ਭਗਤ ਸਿੰਘ ਝੂਠੇ ਮੁਕਾਬਲੇ ਬਣਾ ਕੇ ਮਾਰੇ ਸੀ ,
ਓਏ ਮੇਰਾ ਕਿੰਦਰ ! ਹਾਏ ਓਏ ਰੱਬਾ , ਓਹਦਾ ਕੀ ਦੋਸ਼ ਸੀ ? ਓਹ ਤਾ ਨਿਆਣਾ ਸੀ ਹਾਲੇ
ਦਸਮੀ ਚ ਪੜਦਾ ਸੀ ਤੂੰ ਓਹਨੁ ਵੀ ਅੱਤਵਾਦੀ ਬਣਾ ਕੇ ਮਾਰ ਦਿੱਤਾ ,ਓਏ ਪਿੰਡ ਆਲਿਓ ਆਹ
ਤੁਹਾਡੇ ਜਾਇਆਂ ਦਾ ਕਾਤਲ ਆ ਜਿਹਦੇ ਗਲੀ ਹਾਰ ਪਾ ਰਹੇ ਹੋ
ਤਾਏ ਨੇ ਦੂਜੀ ਜੁੱਤੀ ਵੀ
ਮੰਤਰੀ ਵੱਲ ਵਗਾਹ ਮਾਰੀ ਤੇ ਫੇਰ ਧਾਹੀਂ ਰੋਂਦਾ ਭੁੰਜੇ ਬੈਠ ਗਿਆ ਤੇ ਕਦੇ ਭਗਤ ਸਿੰਘ ਤੇ
ਕਦੇ ਕਿੰਦਰ ਦਾ ਨਾਮ ਉਚੀ ਉਚੀ ਲੈ ਕੇ ਰੋਈ ਜਾ ਰਿਹਾ ਸੀ
ਮਹਿੰਦਰ ਨੂੰ ਆਪਣਾ ਮੂੰਹ
ਲੁਕਾਉਣ ਨੂੰ ਥਾਂ ਨਹੀ ਸੀ ਲਭ ਰਹੀ ਜਿਹਨੇ ਸਿਆਸਤ ਦੇ ਢਾਹੇ ਚੜ ਕੇ ਆਪਣੇ ਹੀ ਭਰਾਵਾਂ ਦੇ
ਕਾਤਲ ਅਫਸਰ ਜੋ ਕਿ ਹੁਣ ਮੰਤਰੀ ਬਣ ਗਿਆ ਸੀ ਨੂੰ ਪਿੰਡ ਸੱਦਿਆ ਸੀ ,
ਮੰਤਰੀ ਤਾਂ
ਜਿਮੇ ਬੁੱਤ ਬਣ ਗਿਆ ਸੀ ਓਹਦੇ ਗੁਨਾਹ ਓਹਦੇ ਮੂਹਰੇ ਘੁਮ ਰਹੇ ਸਨ , ਓਹਨੁ ਚੇਤੇ ਆ ਰਿਹਾ
ਸੀ ਕਿਵੇਂ ਉਸਨੇ ਆਪਣੇ ਨਾਲ ਦੇ ਅਫਸਰਾ ਨਾਲ ਰਲ ਕੇ ਜਵਾਨੀ ਦਾ ਘਾਣ ਕੀਤਾ ਸੀ , ਉਹਨਾ
ਸਾਰਿਆਂ ਦਾ ਖੂਨ ਅਜ ਹਿਸਾਬ ਮੰਗ ਰਿਹਾ ਸੀ , ਭਗਤ ਸਿੰਘ ਨੇ ਜਿਵੇਂ ਤਸਵੀਰ ਵਿਚੋ ਨਿਕਲ
ਕੇ ਉਸਨੂੰ ਗਾਲੋੰ ਫੜ ਲਿਆ ਸੀ , ਇੰਝ ਲਗਦਾ ਸੀ ਕਿ ਮੰਤਰੀ ਨੂੰ ਪਾਲੁਰਸੀ ਦਾ ਦੌਰਾ ਪਿਆ
ਹੈ , ਜਵਾਕਾਂ ਦੀ ਟੋਲੀ ਨਾਲ ਦੇ ਮੁਹੱਲੇ ਚ ਹਾਲੇ ਵੀ ਗਾਉਂਦੀ ਜਾ ਰਹੀ ਸੀ
"ਮੇਰਾ ਰੰਗ ਦੇ ਬਸੰਤੀ ਚੋਲਾ ਮੇਰਾ ਰੰਗ ਦੇ "
"ਮੇਰਾ ਰੰਗ ਦੇ ਬਸੰਤੀ ਚੋਲਾ ਮੇਰਾ ਰੰਗ ਦੇ "....